4 ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਨੂੰ ਤੁੱਛ ਸਮਝਦਾ ਹੈਂ ? ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ ?
ਜਾਂ
ਇੱਥੇ ਸ਼ਬਦ “ਜਾਂ” ਆਇਤਾਂ 1-3 ਦੀ ਦਲੀਲ ਨੂੰ ਹੋਰ ਅੱਗੇ ਵਧਾਉਂਦਾ ਹੈ। ਆਪਣੇ ਕੰਮਾਂ ਤੋਂ ਧੋਖੇ ਵਿੱਚ ਅਤੇ ਅਣਜਾਣ ਹੋਣ ਦੇ ਨਾਲ-ਨਾਲ, ਨੈਤਿਕ ਲੋਕ ਪਰਮੇਸ਼ਰ ਦੀ ਆਮ ਕਿਰਪਾ ਦੀ ਦੌਲਤ ਨੂੰ ਵੀ ਤੁੱਛ ਸਮਝਦੇ ਹਨ।
ਤੂੰ ਤੁੱਛ ਸਮਝਦਾ ਹੈਂ
ਜਿਹੜੇ ਲੋਕ ਸੋਚਦੇ ਹਨ ਕਿ ਉਹ ਆਪਣੀ ਨਿੱਜੀ ਨੈਤਿਕਤਾ/ਧਾਰਮਿਕਤਾ ਦੇ ਕਾਰਨ ਪਰਮੇਸ਼ਰ ਦੇ ਨਿਆਂ ਤੋਂ ਬਚ ਜਾਣਗੇ (ਰੋਮੀਆਂ 2:3), ਉਹ ਪਰਮੇਸ਼ਰ ਦੀ ਦੌਲਤ ਨੂੰ ਤੁੱਛ ਸਮਝਦੇ ਹਨ। ਉਹ ਪਰਮੇਸ਼ਰ ਦੀ ਕਿਰਪਾ ਨੂੰ ਮਹੱਤਵਹੀਣ ਸਮਝਦੇ ਹਨ। ਸ਼ਬਦ “ਤੁੱਛ ਸਮਝਣ” ਦਾ ਅਰਥ ਘੱਟ ਸਮਝਣਾ ਜਾਂ ਘਿਰਣਾ ਕਰਨਾ ਹੈ। ਇਸ ਦਾ ਭਾਵ ਹੈ ਕਿ ਕਿਸੇ ਬਾਰੇ ਬਹੁਤ ਨੀਵੀਂ ਸੋਚ ਰੱਖਣੀ ਹੈ। ਇਸ ਦਾ ਸ਼ਾਬਦਿਕ ਅਰਥ ਕਿਸੇ ਨੂੰ ਨੀਵੀਂ ਨਜ਼ਰ ਨਾਲ ਦੇਖਣਾ ਹੈ। ਉਹ ਪਰਮੇਸ਼ਰ ਦੀ ਕਿਰਪਾ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਨ।
“ਦੌਲਤ” ਪਰਮੇਸ਼ਰ ਦੀਆਂ ਉਹ ਬਰਕਤਾਂ ਹਨ ਜੋ ਉਹਨਾਂ ਦੇ ਕਿਰਪਾਲੂ ਸੁਭਾਅ ਤੋਂ ਪੈਦਾ ਹੁੰਦੀਆਂ ਹਨ। ਜਦੋਂ ਮਨੁੱਖ ਦਾ ਮਨ ਪਰਮੇਸ਼ਰ ਵੱਲ ਨਹੀਂ ਮੁੜਦਾ ਹੈ, ਉਹ ਪਰਮੇਸ਼ਰ ਦੀਆਂ ਬਰਕਤਾਂ ਨੂੰ ਛੋਟਾ ਕਰ ਦਿੰਦਾ ਹੈ। ਜ਼ਿਆਦਾਤਰ ਲੋਕ ਇਹ ਵੀ ਨਹੀਂ ਸੋਚਦੇ ਹਨ ਕਿ ਪਰਮੇਸ਼ਰ ਉਹਨਾਂ ਲੋਕਾਂ ਦੇ ਲਈ ਕੀ ਕੁਝ ਕਰ ਰਹੇ ਹਨ। ਜੇਕਰ ਉਹ ਪਰਮੇਸ਼ਰ ਦੀਆਂ ਬਰਕਤਾਂ ਬਾਰੇ ਥੋੜ੍ਹਾ ਧਿਆਨ ਦਿੰਦੇ ਵੀ ਹਨ, ਤਾਂ ਵੀ ਉਹ ਇਸ ਦੀ ਕਦਰ ਨਹੀਂ ਕਰਦੇ ਹਨ। ਇਹ ਦ੍ਰਿਸ਼ਟੀਕੋਣ ਬ੍ਰਹਿਮੰਡ ਦੇ ਪਰਮੇਸ਼ਰ ਪ੍ਰਤੀ ਬਹੁਤ ਅਹੰਕਾਰ ਭਰਿਆ ਹੈ।
ਪਰਮੇਸ਼ਰ ਪ੍ਰਤੀ ਇਹ ਰਵੱਈਆ ਉਹਨਾਂ ਦੀਆਂ ਕਿਰਪਾਲੂ ਵਿਸ਼ੇਸ਼ਤਾਵਾਂ ਪ੍ਰਤੀ ਨਾਸ਼ੁਕਰਗੁਜਾਰੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਇੰਨੀ ਉੱਚੀ ਥਾਂ ਉੱਤੇ ਰੱਖਦੇ ਹਨ ਕਿ ਉਹ ਪਰਮੇਸ਼ਰ ਨੂੰ ਨੀਵੀਂ ਨਜ਼ਰ ਨਾਲ ਦੇਖ ਸਕਦੇ ਹਨ। ਜਦੋਂ ਕੋਈ ਵਿਅਕਤੀ ਇਸ ਬਿੰਦੂ ਉੱਤੇ ਪਹੁੰਚਦਾ ਹੈ, ਤਾਂ ਉਹ ਆਪਣੇ ਆਪ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਅਧਿਕਾਰ ਮੰਨ ਲੈਂਦਾ ਹੈ।
ਉਸ ਦੀ ਕਿਰਪਾ
“ਕਿਰਪਾ” ਕੰਮਾਂ ਵਿੱਚ ਦਿਆਲਤਾ ਹੈ। ਪਰਮੇਸ਼ਰ ਦਿਆਲੂ ਹਨ। ਉਹ ਪਾਪੀਆਂ ਪ੍ਰਤੀ ਸਦਭਾਵਨਾ ਰੱਖਦੇ ਹਨ। ਯੂਨਾਨੀ ਭਾਸ਼ਾ ਵਿੱਚ ” ਭਲੇ” ਦੇ ਲਈ ਦੋ ਸ਼ਬਦ ਹਨ: (1) ਇੱਕ ਜੋ ਅੰਦਰੂਨੀ ਭਲਾਈ ਦੱਸਦਾ ਹੈ ਅਤੇ ਇਸ ਵਿੱਚ ਝਿੜਕ ਦਾ ਵਿਚਾਰ ਵੀ ਸ਼ਾਮਲ ਹੈ (ਅਗਾਥੋਸ), (2) ਦੂਜਾ ਜੋ ਹਮੇਸ਼ਾ ਨਰਮੀ ਅਤੇ ਦੀਆਂ ਨਾਲ ਭਰਿਆ ਹੁੰਦਾ ਹੈ (ਖਰੇਸਟੋਸ)। ਇਸ ਆਇਤ ਵਿੱਚ ਵਰਤਿਆ ਗਿਆ ਸ਼ਬਦ ਦੂਜਾ ਹੈ “ਕਿਰਪਾ/ਭਲਾਈ” ਹੈ – ਇਹ ਪਰਮੇਸ਼ਰ ਦਾ ਸਾਰੇ ਪ੍ਰਤੀ ਉਦਾਰਤਾਪੂਰਨ ਕੰਮ ਹੈ। ਕਿਰਪਾ ਪਰਮੇਸ਼ਰ ਦੀ ਸਾਰੇ ਪ੍ਰਤੀ ਨੈਤਿਕ ਭਲਾਈ ਹੈ, ਜੋ ਸਾਰੇ ਮਨੁੱਖਾਂ ਪ੍ਰਤੀ ਉਹਨਾਂ ਦੀ ਆਮ ਕਿਰਪਾ ਵਿੱਚ ਪ੍ਰਗਟ ਹੁੰਦੀ ਹੈ।
ਪਰਮੇਸ਼ਰ ਦੀ ਭਲਾਈ ਸਾਰੇ ਮਨੁੱਖਾਂ (ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ) ਪ੍ਰਤੀ ਆਮ ਕਿਰਪਾ ਹੈ। ਆਮ ਕਿਰਪਾ ਉਹ ਕਿਰਪਾ ਨਹੀਂ ਹੈ ਜੋ ਪਰਮੇਸ਼ਰ ਉਹਨਾਂ ਨੂੰ ਦਿੰਦੇ ਹਨ ਜੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਸਲੀਬ ਉੱਤੇ ਪ੍ਰਭੂ ਯਿਸੂ ਦੀ ਮੌਤ ਉੱਤੇ ਭਰੋਸਾ ਕਰਦੇ ਹਨ।
ਸਹਿਣਸ਼ੀਲਤਾ
“ਸਹਿਣਸ਼ੀਲਤਾ” ਦਾ ਅਰਥ ਧੀਰਜ ਹੈ। ਇਸ ਦਾ ਸ਼ਾਬਦਿਕ ਅਰਥ ਰੋਕ ਕੇ ਰੱਖਣਾ ਹੈ। ਇਹ ਸ਼ਬਦ ਲੜ ਰਹੀਆਂ ਦੋ ਧਿਰਾਂ ਵਿਚਕਾਰ ਜੰਗਬੰਦੀ ਦਾ ਵਿਚਾਰ ਰੱਖਦਾ ਹੈ। ਪਰਮੇਸ਼ਰ ਸਾਡੇ ਪਾਪ ਕਰਨ ਤੋਂ ਤੁਰੰਤ ਬਾਅਦ ਸਾਨੂੰ ਸਜ਼ਾ ਨਹੀਂ ਦਿੰਦੇ ਹਨ, ਪਰੰਤੂ ਉਹ ਉਸ ਕ੍ਰੋਧ ਨੂੰ ਰੋਕ ਕੇ ਰੱਖਦੇ ਹਨ ਜਿਸ ਦੇ ਅਸੀਂ ਹੱਕਦਾਰ ਹਾਂ। ਉਹ ਪਾਪੀਆਂ ਪ੍ਰਤੀ ਇੱਕ ਖ਼ਾਸ ਧੀਰਜ ਰੱਖਦੇ ਹਨ; ਉਹ ਸਾਨੂੰ ਤੋਬਾ ਕਰਨ ਦਾ ਸਮਾਂ ਦਿੰਦੇ ਹਨ। ਪਰ ਇਹ ਸਹਿਣਸ਼ੀਲਤਾ ਸਿਰਫ਼ ਇੱਕ ਸਮੇਂ ਤੱਕ ਹੀ ਰਹਿੰਦੀ ਹੈ।
ਧੀਰਜ
“ਧੀਰਜ” ਸ਼ਬਦ ਪਿਛਲੇ ਸ਼ਬਦ “ਸਹਿਣਸ਼ੀਲਤਾ” ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਧੀਰਜ ਇੱਕ ਲੰਬਾ ਗੁੱਸਾ ਹੈ। ਸਾਡੇ ਪ੍ਰਤੀ ਪਰਮੇਸ਼ਰ ਦੇ ਨਿਆਂ ਦੀ ਕਾਰਵਾਈ ਦੀ ਮਿਆਦ ਲੰਬੀ ਹੈ। ਉਹ ਪਾਪ ਦੀ ਤੁਰੰਤ ਸਜ਼ਾ ਨਹੀਂ ਦਿੰਦੇ ਹਨ।
ਯੂਨਾਨੀ ਭਾਸ਼ਾ ਵਿੱਚ ਧੀਰਜ ਦੇ ਲਈ ਦੋ ਸ਼ਬਦ ਹਨ: ਇੱਕ ਹਾਲਾਤਾਂ ਨਾਲ ਧੀਰਜ ਰੱਖਣ ਨੂੰ ਦਰਸਾਉਂਦਾ ਹੈ, ਅਤੇ ਦੂਜਾ ਲੋਕਾਂ ਨਾਲ ਧੀਰਜ ਰੱਖਣ ਨੂੰ ਦਰਸਾਉਂਦਾ ਹੈ। ਇੱਥੇ ਵਰਤਿਆ ਗਿਆ ਸ਼ਬਦ ਲੋਕਾਂ ਨਾਲ ਧੀਰਜ ਰੱਖਣ ਨੂੰ ਦਰਸਾਉਂਦਾ ਹੈ। ਪਰਮੇਸ਼ਰ ਤੁਰੰਤ ਸਜ਼ਾ ਦੇ ਸਕਦੇ ਹਨ, ਪਰ ਉਹ ਅਜਿਹਾ ਨਹੀਂ ਕਰਦੇ ਹਨ। ਉਹ ਆਪਣੇ ਵਿਰੁੱਧ ਕੀਤੇ ਗਏ ਪਾਪਾਂ ਦਾ ਤੁਰੰਤ ਬਦਲਾ ਦੇਣ ਵਿੱਚ ਧੀਰਜ ਰੱਖਦੇ ਹਨ।
ਸਿਧਾਂਤ:
ਇੱਕ ਨੈਤਿਕ ਵਿਅਕਤੀ ਦੀ ਮੁੱਖ ਸਮੱਸਿਆ ਇਹ ਹੈ ਕਿ ਉਹ ਪਰਮੇਸ਼ਰ ਦੇ ਕੰਮਾਂ ਨਾਲੋਂ ਆਪਣੇ ਆਪ ਨੂੰ ਉੱਚਾ ਰੱਖਦਾ ਹੈ।
ਲਾਗੂ ਕਰਨਾ:
ਹਰ ਇੱਕ ਮਨੁੱਖ ਨੂੰ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਕੀ ਉਹ ਆਪਣੀ ਧਾਰਮਿਕਤਾ ਨੂੰ ਪਰਮੇਸ਼ਰ ਦੀ ਧਾਰਮਿਕਤਾ ਨਾਲੋਂ ਵੱਡਾ ਮੰਨੇਗਾ। ਉਸ ਦੀ ਧਾਰਮਿਕਤਾ ਤੁਲਨਾਤਮਕ ਹੈ, ਪਰ ਪਰਮੇਸ਼ਰ ਦੀ ਧਾਰਮਿਕਤਾ ਸੰਪੂਰਨ ਹੈ। ਭਾਵੇਂ ਮਨੁੱਖ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਉਸ ਦੀ ਭਲਾਈ ਦੂਜੇ ਮਨੁੱਖਾਂ ਨਾਲੋਂ ਹੀ ਚੰਗੀ ਹੋ ਸਕਦੀ ਹੈ। ਮਨੁੱਖ ਦੀ ਧਾਰਮਿਕਤਾ ਪਰਮੇਸ਼ਰ ਦੇ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਮੁੱਦਾ ਨਹੀਂ ਹੈ। ਪਰਮੇਸ਼ਰ ਮੰਗ ਕਰਦੇ ਹਨ ਕਿ ਅਸੀਂ ਉਹਨਾਂ ਦੀ ਧਾਰਮਿਕਤਾ ਦੇ ਮੁੱਦੇ ਦਾ ਸਾਹਮਣਾ ਕਰੀਏ।
ਜਦੋਂ ਅਸੀਂ ਸਲੀਬ ਦੇ ਕੋਲ ਆਉਂਦੇ ਹਾਂ, ਤਾਂ ਸਾਨੂੰ ਆਪਣੇ ਕੰਮਾਂ ਨੂੰ ਛੱਡਣਾ ਚਾਹੀਦਾ ਹੈ ਅਤੇ ਫਿਰ ਮਸੀਹ ਦੇ ਸਲੀਬ ਉੱਤੇ ਕੀਤੇ ਕੰਮ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇੱਥੇ ਮੁੱਦਾ ਕੰਮ ਬਨਾਮ ਕੰਮ ਦਾ ਹੈ। ਸਵਾਲ ਇਹ ਹੈ ਕਿ ਅਸੀਂ ਕਿਹੜੇ ਕੰਮ ਉੱਤੇ ਭਰੋਸਾ ਕਰਾਂਗੇ, ਮਸੀਹ ਦੇ ਕੰਮ ਉੱਤੇ ਜਾਂ ਆਪਣੇ ਕੰਮ ਉੱਤੇ।
