3 ਪਰ ਹੇ ਮਿੱਤਰ, ਕੀ ਤੂੰ ਜਿਹੜਾ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕੰਮ ਕਰਦਾ ਹੈਂ, ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ?
ਪਰ ਹੇ ਮਿੱਤਰ, ਕੀ ਤੂੰ ਸਮਝਦਾ ਹੈ
ਕੁਝ ਨੈਤਿਕ ਲੋਕ ਇਹ ਸਮਝਦੇ ਹਨ ਕਿ ਸ਼ਾਇਦ ਪਰਮੇਸ਼ਰ ਉਹਨਾਂ ਨੂੰ ਖ਼ਾਸ ਮੰਨਦੇ ਹਨ ਅਤੇ ਉਹ ਪਰਮੇਸ਼ਰ ਦੇ ਸੰਪੂਰਨ ਅਤੇ ਨਿਰਪੱਖ ਮਾਪਦੰਡਾਂ ਦੇ ਅਨੁਸਾਰ ਨਿਆਂ ਦਾ ਸਾਹਮਣਾ ਨਹੀਂ ਕਰਨਗੇ।
ਇੱਥੇ ਸ਼ਬਦ “ਸਮਝਦਾ” ਦਾ ਅਰਥ ਹੈ ਗਿਣਤੀ ਕਰਨਾ ਜਾਂ ਹਿਸਾਬ ਲਗਾਉਣਾ। ਇਹ ਤੱਥਾਂ ਦੀ ਧਿਆਨ ਨਾਲ ਗਿਣਤੀ ਕਰਨਾ ਹੈ। ਪਰ ਇਹ ਲੋਕ ਪਰਮੇਸ਼ਰ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਆਪਣੀ ਗਿਣਤੀ ਵਿੱਚ ਗਲਤੀ ਕਰ ਬੈਠਦੇ ਹਨ। ਉਹਨਾਂ ਦਾ ਹਿਸਾਬ ਗਲਤ ਹੈ, ਕਿਉਂਕਿ ਉਹ ਸਮਝਦੇ ਹਨ ਕਿ ਪਰਮੇਸ਼ਰ ਉਹਨਾਂ ਦੀ ਧਾਰਮਿਕਤਾ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਹਨਾਂ ਨੂੰ ਪਰਮੇਸ਼ਰ ਬਾਰੇ ਆਪਣੇ ਫੈਸਲਿਆਂ ਦਾ ਦੁਬਾਰਾ ਹਿਸਾਬ ਲਗਾਉਣਾ ਚਾਹੀਦਾ ਹੈ।
ਤੂੰ ਜਿਹੜਾ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ
ਅਸਲ ਵਿੱਚ, ਨੈਤਿਕ ਲੋਕ ਵੀ “ਉਹੀ ਕੰਮ” ਕਰਦੇ ਹਨ, ਕਿਉਂਕਿ ਉਹਨਾਂ ਦੀ ਨੈਤਿਕਤਾ ਬੁਰੇ ਲੋਕਾਂ ਨਾਲੋਂ ਥੋੜ੍ਹੀ ਹੀ ਵਧੀਆ ਹੈ। ਪਰ ਮੁੱਦਾ ਇਹ ਹੈ ਕਿ ਉਹ ਪਰਮੇਸ਼ਰ ਦੀ ਧਾਰਮਿਕਤਾ ਦੇ ਸੰਪੂਰਨ ਮਾਪਦੰਡ ਤੱਕ ਨਹੀਂ ਪਹੁੰਚਦੇ ਹਨ (ਅਧਿਆਇ 3–5)।
ਆਪ ਵੀ ਉਹੀ ਕੰਮ ਕਰਦਾ ਹੈਂ
ਉਸ ਨੈਤਿਕ ਵਿਅਕਤੀ ਵਿੱਚ ਅਸੰਗਤਾ ਅਤੇ ਆਤਮ-ਧੋਖਾ ਹੈ, ਜੋ ਇਹ ਸੋਚਦਾ ਹੈ ਕਿ ਪਰਮੇਸ਼ਰ ਦੇ ਸਾਹਮਣੇ ਉਸ ਦੀ ਕੋਈ ਖ਼ਾਸ ਸਥਿਤੀ ਹੈ। ਪਰ ਉਸ ਕੋਈ ਖ਼ਾਸ ਸਥਿਤੀ ਨਹੀਂ ਹੈ, ਅਤੇ ਨਾ ਹੀ ਉਹ ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਦੇ ਮਾਪਦੰਡ ਉੱਤੇ ਪਹੁੰਚ ਸਕਦਾ ਹੈ। ਨੈਤਿਕ ਲੋਕ ਇਕਸਾਰਤਾ ਨਾਲ ਕੰਮ ਨਹੀਂ ਕਰਦੇ ਹਨ ਕਿਉਂਕਿ ਸਿਧਾਂਤਕ ਤੌਰ ਤੇ ਉਹ ਉਹੀ ਕੰਮ ਕਰਦੇ ਹਨ ਜੋ ਅਨੈਤਿਕ ਲੋਕ ਕਰਦੇ ਹਨ। ਉਹ ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਕਿਉਂਕਿ ਉਹ ਸੋਚਦੇ ਹਨ ਕਿ ਆਪਣੀ ਹੀ ਧਾਰਮਿਕਤਾ ਦੇ ਆਧਾਰ ਉੱਤੇ ਉਹ ਕਿਸੇ ਤਰ੍ਹਾਂ ਪਰਮੇਸ਼ਰ ਦੇ ਨਿਆਂ ਤੋਂ ਬਚ ਜਾਣਗੇ।
ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ?
ਪਰਮੇਸ਼ਰ ਦੇ ਸਮਾਧਾਨ (ਪ੍ਰਭੂ ਯਿਸੂ ਮਸੀਹ) ਨੂੰ ਸਵੀਕਾਰ ਕੀਤੇ ਬਿਨਾਂ ਕੋਈ ਵੀ ਪਰਮੇਸ਼ਰ ਦੇ ਨਿਆਂ ਤੋਂ ਬਚ ਨਹੀਂ ਸਕਦਾ ਹੈ, ਕਿਉਂਕਿ ਹਰੇਕ ਮਨੁੱਖ ਕੋਲ ਕੋਈ ਬਹਾਨਾ ਨਹੀਂ ਹੈ। ਇੱਥੇ “ਤੂੰ” ਸ਼ਬਦ ਉੱਤੇ ਜ਼ੋਰ ਇਹ ਦਰਸਾਉਂਦਾ ਹੈ ਕਿ ਧਰਮੀ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ: “ਕੀ ਤੂੰ, ਸਭ ਤੋਂ ਜ਼ਿਆਦਾ ਨੈਤਿਕ/ਧਰਮੀ, ਇਹ ਸਮਝਦਾ ਹੈ ਕਿ ਤੂੰ ਆਪਣੀ ਨੈਤਿਕਤਾ ਦੇ ਆਧਾਰ ਉੱਤੇ ਪਰਮੇਸ਼ਰ ਦੇ ਨਿਆਂ ਤੋਂ ਬਚ ਜਾਵੇਂਗਾ? ਇਸ ਸਵਾਲ ਦਾ ਜਵਾਬ ਹੈ “ਨਹੀਂ, ਉਹ ਨਹੀਂ ਬਚਣਗੇ।”
ਸਿਧਾਂਤ:
ਜੇਕਰ ਅਸੀਂ ਆਪਣੀ ਹੀ ਨੈਤਿਕਤਾ/ਧਾਰਮਿਕਤਾ ਉੱਤੇ ਭਰੋਸਾ ਕਰਦੇ ਹਾਂ, ਤਾਂ ਅਸੀਂ ਪਰਮੇਸ਼ਰ ਦੇ ਨਿਆਂ ਤੋਂ ਬਚ ਨਹੀਂ ਸਕਦੇ ਹਾਂ।
ਲਾਗੂ ਕਰਨਾ:
ਪਰਮੇਸ਼ਰ ਮਨੁੱਖਾਂ ਦੇ ਆਪਣੇ ਪਾਪ ਬਾਰੇ ਮੁਲਾਂਕਣ ਨੂੰ ਸਵੀਕਾਰ ਨਹੀਂ ਕਰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਨੈਤਿਕ/ਧਰਮੀ ਲੋਕ ਸੋਚਦੇ ਹਨ ਕਿ ਉਹ ਪਰਮੇਸ਼ਰ ਦੇ ਨਿਆਂ ਤੋਂ ਬਚ ਜਾਣਗੇ। ਇਹ ਧਾਰਨਾ ਖ਼ਾਸ ਕਰਕੇ ਧਾਰਮਿਕ ਲੋਕਾਂ ਵਿੱਚ ਬਹੁਤ ਪਾਈ ਜਾਂਦੀ ਹੈ।
ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਦੇ ਕਾਰਨ ਸਾਰੇ ਲੋਕ ਹੀ ਉਹਨਾਂ ਦੇ ਸਾਹਮਣੇ ਪਾਪੀ ਹਨ। ਪਰਮੇਸ਼ਰ ਨਾਲ ਸੰਗਤ ਕਰਨ ਦੇ ਲਈ ਨੈਤਿਕਤਾ ਦਾ ਮਾਪਦੰਡ ਬਹੁਤ ਉੱਚਾ ਹੈ। ਜੇਕਰ ਲੋਕ ਮਨੁੱਖਾਂ ਦੇ ਨਿਆਂ ਤੋਂ ਨਹੀਂ ਬਚ ਸਕਦੇ ਹਨ, ਤਾਂ ਉਹ ਪਰਮੇਸ਼ਰ ਦੇ ਨਿਆਂ ਤੋਂ ਕਿਵੇਂ ਬਚਣਗੇ? ਇਸ “ਕਿਵੇਂ” ਦਾ ਜਵਾਬ ਹੈ: ਇਹ ਵਿਸ਼ਵਾਸ ਕਰਨਾ ਕਿ ਪ੍ਰਭੂ ਯਿਸੂ ਮਸੀਹ ਸਾਡੇ ਨਿੱਜੀ ਪਾਪਾਂ ਦੇ ਲਈ ਸਲੀਬ ਉੱਤੇ ਮਰੇ। ਜਦੋਂ ਇੱਕ ਵਿਅਕਤੀ ਅਜਿਹਾ ਕਰਦਾ ਹੈ, ਤਾਂ ਪਰਮੇਸ਼ਰ ਉਸ ਨੂੰ ਧਰਮੀ ਠਹਿਰਾਉਂਦੇ ਹਨ, ਜਿਵੇਂ ਉਹ ਆਪ ਧਰਮੀ ਹਨ (ਅਧਿਆਏ 3-5)।
