1 ਇਸ ਲਈ ਹੇ ਮਿੱਤਰ, ਤੂੰ ਜਿਹੜਾ ਦੂਜਿਆਂ ਉੱਤੇ ਦੋਸ਼ ਲਾਉਂਦਾ ਹੈਂ, ਭਾਵੇਂ ਤੂੰ ਕੋਈ ਵੀ ਕਿਉਂ ਨਾ ਹੋਵੇਂ, ਇਸ ਲਈ ਹੁਣ ਤੇਰੇ ਕੋਲ ਕੋਈ ਬਹਾਨਾ ਨਹੀਂ। ਕਿਉਂਕਿ ਤੂੰ ਆਪ ਵੀ ਉਹ ਹੀ ਕਰਦਾ ਹੈਂ, ਜੋ ਕੁਝ ਉਹ ਕਰਦੇ ਹਨ ਅਤੇ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ।
ਪੌਲੁਸ ਰੋਮੀਆਂ 2:1–16 ਵਿੱਚ ਉਸ ਨੈਤਿਕਵਾਦੀ ਨੂੰ ਸੰਬੋਧਨ ਕਰਦਾ ਹੈ, ਜਿਸ ਨੂੰ ਪਹਿਲੇ ਅਧਿਆਇ ਦੇ ਅਨੈਤਿਕ ਲੋਕਾਂ ਵਾਂਗ ਹੀ ਸ਼ੁਭ-ਸਮਾਚਾਰ ਦੀ ਲੋੜ ਹੈ।
ਪਹਿਲੇ ਅਧਿਆਇ ਨੇ ਉਹਨਾਂ ਲੋਕਾਂ ਦਾ ਚਿੱਤਰ ਦਿੱਤਾ ਜਿਹਨਾਂ ਨੇ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਰੱਦ ਕੀਤਾ, ਜਿਸ ਕਾਰਨ ਉਹਨਾਂ ਦੀ ਨੈਤਿਕਤਾ ਬਹੁਤ ਨੀਵੀਂ ਹੋ ਗਈ ਸੀ। ਇਹ ਅਧਿਆਇ ਉਹਨਾਂ ਲੋਕਾਂ ਤੇ ਹਮਲਾ ਕਰਦਾ ਹੈ ਜੋ ਉੱਚ ਨੈਤਿਕ ਮਾਪਦੰਡ ਰੱਖਦੇ ਹਨ। ਪਹਿਲਾ ਅਧਿਆਇ ਮਨੁੱਖ ਦੀ ਸਵੈ-ਧਾਰਮਿਕਤਾ ਨੂੰ ਦਰਸਾਉਂਦਾ ਹੈ ਜੋ ਪ੍ਰਕਾਸ਼ਨ ਨੂੰ ਰੱਦ ਕਰਨ ਵਿੱਚ ਪ੍ਰਗਟ ਹੁੰਦੀ ਹੈ; ਦੂਜਾ ਅਧਿਆਇ ਦਰਸਾਉਂਦਾ ਹੈ ਕਿ ਨੈਤਿਕ ਮਨੁੱਖ ਵੀ ਇਹੀ ਕਰਦਾ ਹੈ, ਕਿਉਂਕਿ ਉਸ ਦੀ ਨੈਤਿਕਤਾ ਵੀ ਪਰਮੇਸ਼ਰ ਦੇ ਪ੍ਰਕਾਸ਼ਨ ਤੋਂ ਅਲੱਗ ਹੁੰਦੀ ਹੈ।
ਪਰਮੇਸ਼ਰ ਦੇ ਪ੍ਰਕਾਸ਼ਨ ਤੋਂ ਬਿਨਾਂ ਨੈਤਿਕਤਾ ਇੱਕ ਗੰਭੀਰ ਸਮੱਸਿਆ ਹੈ। ਭਾਵੇਂ ਨੈਤਿਕਤਾਵਾਦੀ ਦੇ ਸਿਧਾਂਤ ਕਿੰਨੇ ਵੀ ਉੱਚੇ ਕਿਉਂ ਨਾ ਹੋਣ, ਉਹ ਕਦੇ ਵੀ ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਦਾ ਮੁਕਾਬਲਾ ਨਹੀਂ ਕਰ ਸਕਦੇ ਹਨ। ਪਰਮੇਸ਼ਰ ਦਾ ਨਿਆਂ ਮਨੁੱਖ ਦੀ ਧਾਰਮਿਕਤਾ ਨੂੰ ਵੀ ਉਸ ਦੇ ਪਾਪ ਵਾਂਗ ਹੀ ਬਰਦਾਸ਼ਤ ਨਹੀਂ ਕਰ ਸਕਦਾ ਹੈ।
ਇਸ ਲਈ
ਦੂਜਾ ਅਧਿਆਇ ਪਹਿਲੇ ਅਧਿਆਇ ਦੀ ਦਲੀਲ ਨੂੰ ਹੋਰ ਅੱਗੇ ਵਧਾਉਂਦਾ ਹੈ। ਕਿਉਂਕਿ ਮਨੁੱਖ ਕੋਲ ਪਰਮੇਸ਼ਰ ਦਾ ਪ੍ਰਕਾਸ਼ਨ ਕਾਫ਼ੀ ਮਾਤਰਾ ਵਿੱਚ ਹੈ, ਇਸ ਲਈ ਉਹ ਪਰਮੇਸ਼ਰ ਅੱਗੇ ਬਿਨਾ ਕਿਸੇ ਬਹਾਨੇ ਦੇ ਖੜ੍ਹਾ ਹੈ। ਜਿਹੜੀ ਗੱਲ ਅਧਿਆਇ ਇੱਕ ਦੇ ਲੋਕਾਂ ਦੇ ਲਈ ਸੱਚ ਸੀ, ਉਹੀ ਅਧਿਆਇ ਦੋ ਦੇ ਲੋਕਾਂ ਦੇ ਲਈ ਵੀ ਸੱਚ ਹੈ। “ਇਸ ਲਈ” ਸ਼ਬਦ ਸਪੱਸ਼ਟ ਪਾਪੀਆਂ ਤੋਂ ਸਵੈ-ਧਾਰਮਿਕ ਲੋਕਾਂ ਵੱਲ ਬਦਲਾਅ ਨੂੰ ਦਰਸਾਉਂਦਾ ਹੈ।
ਹੇ ਮਿੱਤਰ, ਤੇਰੇ ਕੋਲ ਕੋਈ ਬਹਾਨਾ ਨਹੀਂ
“ਬਹਾਨਾ ਨਹੀਂ” ਦਾ ਅਰਥ ਹੈ ਕਿ ਕਿਸੇ ਕੋਲ ਆਪਣੇ ਆਪ ਨੂੰ ਬਚਾਉਣ ਦੇ ਲਈ ਕੋਈ ਤਰਕਸੰਗਤ ਦਲੀਲ ਨਹੀਂ ਹੈ। ਨੈਤਿਕ ਮਨੁੱਖ ਕੋਲ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਸਮਰੱਥਾ ਨਹੀਂ ਹੈ (ਰੋਮੀਆਂ 1:20)। ਪਰਮੇਸ਼ਰ ਦੀ ਨਿਆਂਇਕ ਸਭਾ ਦੇ ਸਾਹਮਣੇ ਕੋਈ ਬਚਾਅ ਨਹੀਂ ਹੈ, ਕਿਉਂਕਿ ਵਿਅਕਤੀ ਨੇ ਪ੍ਰਕਾਸ਼ਨ ਦੇ ਸਿਧਾਂਤਾਂ ਨੂੰ ਰੱਦ ਕਰ ਦਿੱਤਾ ਸੀ।
ਭਾਵੇਂ ਤੂੰ ਕੋਈ ਵੀ ਕਿਉਂ ਨਾ ਹੋਵੇਂ
ਪੌਲੁਸ ਹਰ ਉਸ ਵਿਅਕਤੀ ਨੂੰ ਸੰਬੋਧਨ ਕਰਦਾ ਹੈ ਜੋ ਦੂਜਿਆਂ ਉੱਤੇ ਦੋਸ਼ ਲਗਾਉਂਦਾ ਹੈ, ਭਾਵੇਂ, ਉਹ ਯਹੂਦੀ ਹੋਵੇ ਜਾਂ ਗ਼ੈਰ-ਯਹੂਦੀ।
ਜਿਹੜਾ ਦੂਜਿਆਂ ਉੱਤੇ ਦੋਸ਼ ਲਾਉਂਦਾ ਹੈਂ
ਦੋਸ਼ੀ ਠਹਿਰਾਉਣ ਦਾ ਅਰਥ ਹੈ ਸਜ਼ਾ ਸੁਣਾਉਣਾ। ਇੱਥੇ ਦੋਸ਼ੀ ਠਹਿਰਾਉਣ ਵਾਲੇ ਨੈਤਿਕ ਲੋਕ ਹਨ ਜੋ ਦੂਜਿਆਂ ਉੱਤੇ ਫ਼ੈਸਲੇ ਸੁਣਾਉਂਦੇ ਹਨ, ਅਤੇ ਉਹਨਾਂ ਬਾਰੇ ਨਿੰਦਾ ਭਰੇ ਮੁਲਾਂਕਣ ਕਰਦੇ ਹਨ। ਅਕਸਰ ਅਸੀਂ ਦੂਜਿਆਂ ਦੇ ਸਭ ਤੋਂ ਵੱਡੇ ਪਾਪਾਂ ਨੂੰ ਦੇਖਦੇ ਹਾਂ, ਤਾਂ ਜੋ ਅਸੀਂ ਆਪਣੇ ਆਪ ਨੂੰ ਚੰਗਾ ਦਿਖਾ ਸਕੀਏ।
ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ
ਨੈਤਿਕ ਲੋਕ ਜਿਹੜੇ ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹਨ, ਅਸਲ ਵਿੱਚ ਉਹ ਆਪ ਵੀ ਉਹਨਾਂ ਵਰਗੇ ਹੀ ਦੋਸ਼ੀ ਹੁੰਦੇ ਹਨ। ਉਹ ਆਪਣੇ ਪਾਪਾਂ ਅਤੇ ਦੂਜਿਆਂ ਦੇ ਮਾਮਲੇ ਦੇ ਤੱਥਾਂ ਤੋਂ ਅੰਨ੍ਹੇ ਹੁੰਦੇ ਹਨ।
ਕਿਉਂਕਿ ਤੂੰ ਆਪ ਵੀ ਉਹ ਹੀ ਕਰਦਾ ਹੈਂ, ਜੋ ਕੁਝ ਉਹ ਕਰਦੇ ਹਨ
ਨੈਤਿਕ ਮਨੁੱਖ ਉਹੀ ਕੰਮ ਕਰਦਾ ਹੈ ਜਿਸ ਦਾ ਉਹ ਦੂਜਿਆਂ ਉੱਤੇ ਦੋਸ਼ ਲਗਾਉਂਦਾ ਹੈ, ਅਤੇ ਉਸ ਦਾ ਸੁਭਾਅ ਅਧਿਆਇ 1 ਦੇ ਲੋਕਾਂ ਨਾਲ ਮਿਲਦਾ-ਜੁਲਦਾ ਹੈ। ਉਹ ਉਹਨਾਂ ਲੋਕਾਂ ਦੇ ਕੰਮਾਂ ਨੂੰ ਦਿਖਾਉਂਦੇ ਹਨ ਜਿਹਨਾਂ ਉੱਤੇ ਉਹ ਦੋਸ਼ ਲਗਾਉਂਦੇ ਹਨ। ਸਾਰੇ ਲੋਕ ਪਰਮੇਸ਼ਰ ਦੇ ਕ੍ਰੋਧ ਦੇ ਅਧੀਨ ਹਨ, ਕਿਉਂਕਿ ਕੋਈ ਵੀ ਉਹਨਾਂ ਦੀ ਸੰਪੂਰਨ ਧਾਰਮਿਕਤਾ ਉੱਤੇ ਖਰਾ ਨਹੀਂ ਉਤਰਦਾ ਹੈ।
ਸਿਧਾਂਤ:
ਨੈਤਿਕ ਮਨੁੱਖ ਦੇ ਲਈ ਇਹ ਅਸੰਗਤ ਹੈ ਕਿ ਉਹ ਦੂਜਿਆਂ ਉੱਤੇ ਦੋਸ਼ ਲਗਾਵੇ, ਕਿਉਂਕਿ ਉਹ ਖ਼ੁਦ ਵੀ ਪਰਮੇਸ਼ਰ ਦੀ ਸੰਪੂਰਨ ਧਾਰਮਿਕਤਾ ਉੱਤੇ ਖਰਾ ਨਹੀਂ ਉਤਰਦਾ ਹੈ।
ਲਾਗੂ ਕਰਨਾ:
ਜਦੋਂ ਅਸੀਂ ਸਵੈ-ਧਾਰਮਿਕਤਾ ਵਿੱਚ ਦੂਜਿਆਂ ਉੱਤੇ ਦੋਸ਼ ਲਗਾਉਂਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਖ਼ਤਰੇ ਵਿੱਚ ਪਾਉਂਦੇ ਹਾਂ, ਕਿਉਂਕਿ ਅਜਿਹਾ ਕਰਕੇ ਅਸੀਂ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾ ਰਹੇ ਹੁੰਦੇ ਹਾਂ। ਆਪਣੀ ਅੱਖ ਵਿੱਚ ਪਏ ਸ਼ਤੀਰ ਦੀ ਬਜਾਏ ਦੂਜਿਆਂ ਦੀ ਅੱਖ ਵਿੱਚ ਕੱਖ ਨੂੰ ਦੇਖਣਾ ਸੌਖਾ ਹੈ। ਅਸੀਂ ਅਕਸਰ ਦੂਜਿਆਂ ਦੀਆਂ ਗਲਤੀਆਂ ਨੂੰ ਸਾਫ਼ ਦੇਖ ਲੈਂਦੇ ਹਾਂ, ਪਰ ਆਪਣੀਆਂ ਗਲਤੀਆਂ ਤੋਂ ਅੰਨ੍ਹੇ ਰਹਿੰਦੇ ਹਾਂ। ਇਹ ਸਪੱਸ਼ਟ ਅਸੰਗਤਤਾ ਹੈ।
ਜੇਕਰ ਅਸੀਂ ਇਹ ਸੋਚ ਅਪਣਾਉਂਦੇ ਹਾਂ ਕਿ “ਕਿਉਂਕਿ ਮੈਂ ਉਹ ਕੰਮ ਨਹੀਂ ਕਰਦਾ ਜੋ ਉਹ ਕਰਦਾ ਹੈ, ਇਸ ਲਈ ਮੈਂ ਉਸ ਤੋਂ ਚੰਗਾ ਹਾਂ,” ਤਾਂ ਅਸੀਂ ਆਪਣੇ ਜੀਵਨ ਦੇ ਪਾਪਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਇਸ ਤਰ੍ਹਾਂ, ਅਸੀਂ ਆਪਣੇ ਲਾਭ ਦੇ ਲਈ ਦੋਸ਼ ਲਗਾਉਂਦੇ ਹਾਂ; ਪਰ ਪਰਮੇਸ਼ਰ ਦੀ ਅਦਾਲਤ ਵਿੱਚ ਕੋਈ ਪੱਖਪਾਤ ਨਹੀਂ ਹੈ।
ਅੱਜ ਕਈ ਲੋਕ ਆਪਣੇ ਆਪ ਨੂੰ ਦੂਜਿਆਂ ਨਾਲੋਂ ਜ਼ਿਆਦਾ ਨੈਤਿਕ ਸਮਝਦੇ ਹਨ, ਪਰ ਉਹ ਆਪਣੀਆਂ ਨਾਕਾਮੀਆਂ ਨੂੰ ਨਹੀਂ ਦੇਖਦੇ ਹਨ। ਇਹ ਧਾਰਮਿਕ ਘਮੰਡ ਸਵੈ-ਧਾਰਮਿਕਤਾ ਦੀ ਭਿਆਨਕ ਤਸਵੀਰ ਹੈ। “ਕਿਉਂਕਿ ਮੈਂ ਵਿਭਚਾਰ ਨਹੀਂ ਕੀਤਾ, ਇਸ ਲਈ ਮੈਂ ਦੂਜਿਆਂ ਨਾਲੋਂ ਉੱਤਮ ਹਾਂ।” ਇਹ ਸੋਚ ਪ੍ਰਭੂ ਯਿਸੂ ਮਸੀਹ ਦੇ ਇਸ ਉਪਦੇਸ਼ ਨੂੰ ਘੱਟ ਕਰ ਦਿੰਦੀ ਹੈ ਕਿ ਮਨ ਵਿੱਚ ਕੀਤਾ ਗਿਆ ਵਿਭਚਾਰ ਵੀ ਪਾਪ ਹੈ।
ਮੱਤੀ 7:1-4 1“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ। 2ਪਰਮੇਸ਼ਰ ਤੁਹਾਡੇ ਉੱਤੇ ਉਸੇ ਤਰ੍ਹਾਂ ਦੋਸ਼ ਲਾਉਣਗੇ ਜਿਸ ਤਰ੍ਹਾਂ ਤੁਸੀਂ ਦੂਜਿਆਂ ਉੱਤੇ ਦੋਸ਼ ਲਾਉਂਦੇ ਹੋ। ਜਿਸ ਮਾਪ ਨਾਲ ਤੁਸੀਂ ਦੂਜਿਆਂ ਨੂੰ ਮਾਪਦੇ ਹੋ, ਪਰਮੇਸ਼ਰ ਵੀ ਤੁਹਾਨੂੰ ਉਸੇ ਨਾਲ ਮਾਪਣਗੇ। 3ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਦੇਖਦਾ ਹੈਂ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ? 4ਫਿਰ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ।’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ?
ਸਵੈ-ਧਾਰਮਿਕ ਲੋਕ ਸੋਚਦੇ ਹਨ ਕਿ ਉਹ ਉੱਚੇ ਪੱਧਰ ਉੱਤੇ ਅਤੇ ਉੱਚੇ ਸਮਾਜਿਕ ਵਰਗ ਵਿੱਚ ਰਹਿੰਦੇ ਹਨ, ਅਤੇ ਉਹ ਮੰਨਦੇ ਹਨ ਕਿ ਇਹੀ ਉਹਨਾਂ ਦਾ ਦੂਜਿਆਂ ਉੱਤੇ ਦੋਸ਼ ਲਗਾਉਣ ਦਾ ਅਧਿਕਾਰ ਹੈ। ਉਹ ਦੂਜਿਆਂ ਦੇ ਮੁਲਾਂਕਣ ਦੇ ਲਈ ਪਰਮੇਸ਼ਰ ਦੇ ਪੈਮਾਨੇ ਦੀ ਨਹੀਂ, ਪਰ ਆਪਣੇ ਪੈਮਾਨੇ ਦੀ ਵਰਤੋਂ ਕਰਦੇ ਹਨ।
