32 ਉਹ ਪਰਮੇਸ਼ਰ ਦੇ ਫ਼ੈਸਲੇ ਨੂੰ ਜਾਣਦੇ ਹੋਏ ਕਿ ਅਜਿਹੇ ਕੰਮ ਕਰਨ ਵਾਲਿਆਂ ਦੀ ਸਜ਼ਾ ਮੌਤ ਹੈ, ਉਹ ਨਾ ਕੇਵਲ ਆਪ ਅਜਿਹੇ ਕੰਮ ਕਰਦੇ ਹਨ ਸਗੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ।
ਇਹ ਆਇਤ ਮਨੁੱਖਤਾ ਦੀ ਦੋਸ਼ੀ ਹਾਲਤ ਦਾ ਸਾਰੰਸ਼ ਪੇਸ਼ ਕਰਦੀ ਹੈ, ਜੋ ਪਰਮੇਸ਼ਰ ਦੇ ਆਪਣੇ ਆਪ ਨੂੰ ਸ੍ਰਿਸ਼ਟੀ ਵਿੱਚ ਪ੍ਰਗਟ ਕਰਨ ਦੇ ਕਾਰਨ ਹੈ।
ਉਹ ਜਾਣਦੇ ਹੋਏ
ਇਹ ਵਿਚਾਰ ਕਿ ਮਨੁੱਖ ਨੇ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਜਾਣਬੁੱਝ ਕੇ ਠੁਕਰਾ ਦਿੱਤਾ ਹੈ, ਇਸ ਅਧਿਆਇ ਵਿੱਚ ਤਿੰਨ ਵਾਰ ਦੁਹਰਾਇਆ ਗਿਆ ਹੈ (ਰੋਮੀਆਂ 1:19, 21, 28)। ਪਰਮੇਸ਼ਰ ਵਿੱਚ ਵਿਸ਼ਵਾਸ ਨਾ ਕਰਨਾ ਇਸ ਪੂਰੇ ਪਹਿਲੇ ਅਧਿਆਇ ਦਾ ਮੁੱਖ ਵਿਸ਼ਾ ਹੈ। ਪਰਮੇਸ਼ਰ ਨੇ ਹਰ ਇੱਕ ਵਿਅਕਤੀ ਦੇ ਲਈ ਆਪਣੇ ਆਪ ਨੂੰ ਸਪੱਸ਼ਟ ਰੂਪ ਵਿੱਚ ਪ੍ਰਗਟ ਕੀਤਾ ਹੈ। ਇਹ ਜਾਣਬੁੱਝ ਕੇ ਇਨਕਾਰ ਉਹਨਾਂ ਨੂੰ ਦੋਸ਼ੀ ਬਣਾਉਂਦਾ ਹੈ। ਉਹਨਾਂ ਕੋਲ ਇੰਨਾ ਗਿਆਨ ਹੈ ਕਿ ਉਹ “ਪਰਮੇਸ਼ਰ ਦੇ ਧਾਰਮਿਕ ਨਿਆਂ” ਨੂੰ ਸਮਝ ਸਕਣ। ਪਰਮੇਸ਼ਰ ਦੇ ਪ੍ਰਕਾਸ਼ਨ ਦੇ ਵਿਰੁੱਧ ਇਹ ਜਾਣਬੁੱਝ ਕੇ ਕੀਤੀ ਗਈ ਬਗਾਵਤ, ਹਰ ਯੁੱਗ ਦੇ ਹਰ ਮਨੁੱਖ ਦੇ ਲਈ ਸਪੱਸ਼ਟ ਹੈ।
ਪਰਮੇਸ਼ਰ ਦੇ ਫ਼ੈਸਲੇ ਨੂੰ
“ਪਰਮੇਸ਼ਰ ਦੇ ਫ਼ੈਸਲੇ” ਦੇ ਲਈ ਯੂਨਾਨੀ ਸ਼ਬਦ ਦਾ ਅਰਥ ਹੁਕਮ ਜਾਂ ਫ਼ਰਮਾਨ ਹੈ। ਇਹ ਫ਼ਰਮਾਨ ਪਰਮੇਸ਼ਰ ਦਾ ਹੈ — ਉਹਨਾਂ ਦਾ ਇਹ ਫ਼ੈਸਲਾ ਹੈ ਕਿ ਕੀ ਠੀਕ ਹੈ। ਉਹਨਾਂ ਦੇ ਪ੍ਰਕਾਸ਼ਨ ਦਾ ਫ਼ੈਸਲਾ ਧਾਰਮਿਕ ਅਤੇ ਸੱਚਾ ਹੈ। ਹਰ ਇਕ ਮਨੁੱਖ ਕੋਲ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦੇ ਲਈ ਕਾਫ਼ੀ ਜਾਣਕਾਰੀ ਮੌਜੂਦ ਹੈ। ਉਹਨਾਂ ਕੋਲ ਪਰਮੇਸ਼ਰ ਦੇ ਧਾਰਮਿਕ ਨਿਆਂ ਨੂੰ ਸਵੀਕਾਰ ਕਰਨ ਦੇ ਲਈ ਉਪਯੁਕਤ ਗਿਆਨ ਹੈ।
ਕਿ ਅਜਿਹੇ ਕੰਮ ਕਰਨ ਵਾਲਿਆਂ
ਇਹ ਵਾਕਾਂਸ਼ ਉਹਨਾਂ ਲੋਕਾਂ ਦੇ ਜੀਵਨ ਦੇ ਢੰਗ ਨੂੰ ਦਰਸਾਉਂਦਾ ਹੈ ਜੋ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ। ਉਹਨਾਂ ਦਾ ਲਗਾਤਾਰ ਰੁਝਾਨ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਰੱਦ ਕਰਨਾ ਹੀ ਹੈ।
ਸਜ਼ਾ ਮੌਤ ਹੈ
ਜਿਹੜੇ ਲੋਕ “ਪਰਮੇਸ਼ਰ ਦੇ ਧਾਰਮਿਕ ਫ਼ੈਸਲੇ” ਨੂੰ ਜਾਣਦੇ ਹੋਏ ਵੀ ਇਸ ਨੂੰ ਰੱਦ ਕਰਦੇ ਹਨ, ਉਹ ਮੌਤ ਦੇ ਹੱਕਦਾਰ ਹਨ। ਇੱਥੇ ‘ਮੌਤ’ ਦਾ ਮਤਲਬ ਵਿਛੋੜਾ ਹੈ, ਮੌਤ ਪਰਮੇਸ਼ਰ ਤੋਂ ਸਦਾ ਦੇ ਲਈ ਵਿਛੋੜਾ ਹੈ। ਨਰਕ ਉਹਨਾਂ ਲੋਕਾਂ ਦੇ ਲਈ ਪਰਮੇਸ਼ਰ ਦਾ ਅੰਤਿਮ ਫ਼ੈਸਲਾ ਹੈ ਜੋ ਉਹਨਾਂ ਦੇ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ।
ਉਹ ਨਾ ਕੇਵਲ ਆਪ ਅਜਿਹੇ ਕੰਮ ਕਰਦੇ ਹਨ ਸਗੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ
ਜਿਹੜੇ ਲੋਕ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਰੱਦ ਕਦੇ ਹਨ, ਉਹ ਦੂਜਿਆਂ ਦੇ ਅਜਿਹੇ ਕੰਮਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ। ਇਹ ਸੋਚ ਉਹਨਾਂ ਦੀ ਬੁਰੀ ਬਗਾਵਤੀ ਇੱਛਾ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ — ਉਹ ਸੱਚ ਦੇ ਪ੍ਰਤੀ ਨਕਾਰਾਤਮਕ ਰਵੱਈਏ ਦੀ ਪ੍ਰਸ਼ੰਸਾ ਕਰਦੇ ਹਨ, ਅਤੇ ਇਹ ਸਭ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਰੱਦ ਕਰਨ ਦਾ ਨਤੀਜਾ ਹੈ।
ਸਿਧਾਂਤ:
ਜੇਕਰ ਇੱਕ ਵਿਅਕਤੀ ਉਸ ਪ੍ਰਕਾਸ਼ਨ ਨੂੰ ਰੱਦ ਕਰ ਦਿੰਦਾ ਹੈ ਜੋ ਪਰਮੇਸ਼ਰ ਨੇ ਉਸ ਨੂੰ ਦਿੱਤਾ ਸੀ, ਤਾਂ ਉਹ ਉਸ ਪ੍ਰਕਾਸ਼ਨ ਦੇ ਲਈ ਪਰਮੇਸ਼ਰ ਦੇ ਅੱਗੇ ਜ਼ਿੰਮੇਵਾਰ ਹੈ।
ਲਾਗੂ ਕਰਨਾ:
ਹਰ ਇੱਕ ਮਨੁੱਖ ਉਸ ਪ੍ਰਕਾਸ਼ਨ ਦੇ ਲਈ ਜ਼ਿੰਮੇਵਾਰ ਹੈ ਜੋ ਪਰਮੇਸ਼ਰ ਨੇ ਦਿੱਤਾ ਹੈ। ਲੋਕ ਇਹ ਦਾਅਵਾ ਨਹੀਂ ਕਰ ਸਕਦੇ ਕਿ ਉਹਨਾਂ ਕੋਲ ਪਰਮੇਸ਼ਰ ਬਾਰੇ ਕਾਫ਼ੀ ਜਾਣਕਾਰੀ ਨਹੀਂ ਹੈ, ਅਤੇ ਇਸ ਲਈ ਉਹ ਆਪਣੇ ਪਾਪ ਦੇ ਲਈ ਜ਼ਿੰਮੇਵਾਰ ਨਹੀਂ ਹਨ। ਉਹਨਾਂ ਕੋਲ ਮਹਾਨ ਪਰਮੇਸ਼ਰ ਦੇ ਵਿਰੁੱਧ ਪਾਪ ਕਰਨ ਦੇ ਲਈ ਕਾਫ਼ੀ ਗਿਆਨ ਹੈ; ਅਤੇ ਉਹਨਾਂ ਦਾ ਇਹ ਗਿਆਨ ਹੀ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੇ ਲਈ ਕਾਫ਼ੀ ਹੈ। ਪਰਮੇਸ਼ਰ ਦਾ ਕ੍ਰੋਧ ਮਨੁੱਖ ਦੇ ਸਾਰੇ ਕੁਧਰਮ ਅਤੇ ਦੁਸ਼ਟਤਾ ਦੇ ਕਾਰਨ ਪ੍ਰਗਟ ਹੋਇਆ ਹੈ ਜੋ ਸੱਚਾਈ ਨੂੰ ਦਬਾਉਂਦੇ ਹਨ (ਆਯਤ 18)। ਸੱਚਾਈ ਨੂੰ ਰੱਦ ਕਰਨ ਦਾ ਨਤੀਜਾ ਆਤਮਾ ਦੀ ਤਬਾਹੀ ਹੈ।
