Select Page
ਰੋਮੀਆਂ ਦੀ ਭੂਮਿਕਾ ਨੂੰ ਪੜ੍ਹੋ

 

18 ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਮਨੁੱਖ ਦੇ ਸਾਰੇ ਕੁਧਰਮ ਅਤੇ ਦੁਸ਼ਟਤਾ ਦੇ ਕਾਰਨ ਪ੍ਰਗਟ ਹੋਇਆ ਹੈ, ਭਾਵ ਜਿਹਨਾਂ ਨੇ ਆਪਣੀ ਦੁਸ਼ਟਤਾ ਦੇ ਨਾਲ ਸੱਚਾਈ ਨੂੰ ਪ੍ਰਗਟ ਹੋਣ ਤੋਂ ਰੋਕ ਕੇ ਰੱਖਿਆ ਹੈ।

ਆਇਤ 18 ਪਹਿਲੇ ਵੱਡੇ ਭਾਗ ਦੀ ਸ਼ੁਰੂਆਤ ਕਰਦੀ ਹੈ (ਰੋਮੀਆਂ 1:18–32)। ਇਸ ਭਾਗ ਵਿੱਚ ਇਹ ਦਰਸਾਇਆ ਗਿਆ ਹੈ ਕਿ ਪਰਮੇਸ਼ਰ ਦਾ ਨਿਆਂ ਮਨੁੱਖਾਂ ਉੱਤੇ ਕਿਉਂ ਆਇਆ ਅਤੇ ਉਹ ਇਸ ਨਿਆਂ ਹੇਠ ਕਿਉਂ ਹਨ। ਪਰਮੇਸ਼ਰ ਕਦੇ ਵੀ ਪੱਖਪਾਤ ਨਾਲ ਨਿਆਂ ਨਹੀਂ ਕਰਦੇ ਹਨ। ਆਇਤ 18 ਅਗਲੀ ਦਲੀਲ ਦਾ ਇੱਕ ਸੰਖੇਪ ਬਿਆਨ ਪੇਸ਼ ਕਰਦੀ ਹੈ। 

ਕਿਉਂਕਿ

ਆਇਤ 17 ਵਿੱਚ ਪੌਲੁਸ ਨੇ ਸਮਝਾਇਆ ਕਿ ਪਰਮੇਸ਼ਰ ਦੀ ਧਾਰਮਿਕਤਾ ਕਿਵੇਂ ਪ੍ਰਗਟ ਹੋਈ ਹੈ; ਹੁਣ ਆਇਤ 18 ਵਿੱਚ ਉਹ ਦਰਸਾਉਂਦਾ ਹੈ ਕਿ ਪਰਮੇਸ਼ਰ ਦਾ ਕ੍ਰੋਧ ਕਿਵੇਂ ਪ੍ਰਗਟ ਹੋਇਆ ਹੈ।

ਪਰਮੇਸ਼ਰ ਦਾ ਕ੍ਰੋਧ

ਪਰਮੇਸ਼ਰ ਦਾ ਇਹ ਕ੍ਰੋਧ ਸਭ ਦੇ ਵਿਰੁੱਧ ਹੈ, ਜੋ ਕਿ ਅਸੀਂ ਅੱਗੇ ਦੀਆਂ ਆਇਤਾਂ ਵਿੱਚ ਦੇਖਾਂਗੇ। ਪਰਮੇਸ਼ਰ ਪਾਪ ਨੂੰ ਮਾਮੂਲੀ ਜਿਹਾ ਨਹੀਂ ਦੇਖਦੇ ਹਨ। ਪਰਮੇਸ਼ਰ ਦਾ ਪਿਆਰ ਉਹਨਾਂ ਦੇ ਕ੍ਰੋਧ ਨੂੰ ਰੋਕਦਾ ਨਹੀਂ ਹੈ। ਪਿਆਰ ਦੇ ਉਲਟ ਨਫ਼ਰਤ ਹੁੰਦੀ ਹੈ, ਕ੍ਰੋਧ ਨਹੀਂ।

ਪਰਮੇਸ਼ਰ ਦਾ ਕ੍ਰੋਧ ਕਦੇ ਵੀ ਆਪਣੇ ਆਪ ਤੇ ਕਾਬੂ ਨੂੰ ਖੋ ਬੈਠਣ ਦਾ ਕਾਰਨ ਨਹੀਂ ਹੁੰਦਾ ਹੈ। ਉਹ ਕਦੇ ਵੀ ਗੁੱਸਾ ਨਹੀਂ ਕਰਦੇ ਹਨ। ਪਰਮੇਸ਼ਰ ਦਾ ਕ੍ਰੋਧ ਉਸ ਚੀਜ਼ ਦੇ ਵਿਰੁੱਧ ਹੁੰਦਾ ਹੈ ਜੋ ਉਹਨਾਂ ਦੇ ਸੁਭਾਅ ਦੇ ਵਿਰੁੱਧ ਹੁੰਦੀ ਹੈ। ਇਸ ਲਈ, ਉਹਨਾਂ ਦੇ ਕ੍ਰੋਧ ਦਾ ਇੱਕ ਨਿੱਜੀ ਪੱਖ ਹੈ। ਇਸ ਕਾਰਨ ਪਾਪਾਂ ਦੀ ਮਾਫ਼ੀ ਪਰਮੇਸ਼ਰ ਦੀ ਨਜ਼ਰ ਵਿੱਚ ਸਸਤੀ ਨਹੀਂ ਹੈ; ਪਾਪਾਂ ਦੀ ਮਾਫ਼ੀ ਦੀ ਕੀਮਤ ਸਲੀਬ ਉੱਤੇ ਮਸੀਹ ਦੀ ਜਾਨ ਸੀ।

ਜਿਹੜੇ ਲੋਕ ਪਰਮੇਸ਼ਰ ਦੇ ਕ੍ਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਪਰਮੇਸ਼ਰ ਦੇ ਪਿਆਰ ਨੂੰ ਦੇਖਦੇ ਹਨ, ਉਹ ਬਾਈਬਲ ਦੇ ਅਨੁਸਾਰ ਸੰਤੁਲਨ ਤੋਂ ਬਾਹਰ ਹਨ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਪਾਪ ਪਰਮੇਸ਼ਰ ਦੇ ਲਈ ਮਾਇਨੇ ਨਹੀਂ ਰੱਖਦਾ ਹੈ। ਪਰਮੇਸ਼ਰ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹਨ। ਉਹ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਹਨ। 

ਸਵਰਗ ਤੋਂ ਪ੍ਰਗਟ ਹੋਇਆ 

ਪਰਮੇਸ਼ਰ ਦਾ ਕ੍ਰੋਧ ਹੁਣ ਸਵਰਗ ਤੋਂ ਪ੍ਰਗਟ ਹੋ ਰਿਹਾ ਹੈ। ਕ੍ਰੋਧ ਪ੍ਰਕਾਸ਼ਨ ਦੀ ਗੱਲ ਹੈ। ਇਹ ਕ੍ਰੋਧ ਪਰਮੇਸ਼ਰ ਦੀ ਹਜ਼ੂਰੀ (ਸਵਰਗ) ਤੋਂ ਆਉਂਦਾ ਹੈ।

ਸਾਰੇ

ਪਰਮੇਸ਼ਰ ਦਾ ਕ੍ਰੋਧ ਸਾਰੇ ਪਾਪ ਉੱਤੇ ਹੈ; ਇਹ ਵਿਸ਼ਵ-ਵਿਆਪੀ ਹੈ, ਇਹ ਕਿਸੇ ਵੀ ਛੋਟ ਤੋਂ ਬਿਨਾਂ ਹੈ। 

ਮਨੁੱਖ ਦੇ ਸਾਰੇ ਕੁਧਰਮ ਅਤੇ ਦੁਸ਼ਟਤਾ ਦੇ ਕਾਰਨ

ਪਰਮੇਸ਼ਰ ਆਪਣੇ ਕ੍ਰੋਧ ਨੂੰ ਦੋ ਖੇਤਰਾਂ ਵੱਲ ਦਿਸ਼ਾ ਦਿੰਦੇ ਹਨ: (1) ਕੁਧਰਮ ਅਤੇ (2) ਦੁਸ਼ਟਤਾ। ਉਹ ਇਹ ਕ੍ਰੋਧ ਮਨੁੱਖਾਂ ਦੇ ਵਿਰੁੱਧ ਨਹੀਂ, ਸਗੋਂ ਮਨੁੱਖਾਂ ਦੇ ਪਾਪਾਂ ਵਿਰੁੱਧ ਦਿਖਾਉਂਦੇ ਹਨ। ਪਰਮੇਸ਼ਰ ਪਾਪ ਨਾਲ ਘ੍ਰਿਣਾ ਕਰਦੇ ਹਨ, ਪਰ ਪਾਪੀ ਨਾਲ ਪਿਆਰ ਕਰਦੇ ਹਨ।

“ਕੁਧਰਮ” ਪਰਮੇਸ਼ਰ ਦੇ ਲਈ ਸਤਿਕਾਰ ਦੀ ਘਾਟ ਹੈ। ਇਹ ਪਰਮੇਸ਼ਰ ਦੇ ਵਿਰੁੱਧ ਪਾਪ ਹੈ। ਇਹ ਪਾਪ ਪਰਮੇਸ਼ਰ ਨੂੰ ਅਣਦੇਖਾ ਕਰਦਾ ਹੈ। ਕੁਧਰਮ ਦਾ ਨਤੀਜਾ ਦੁਸ਼ਟਤਾ ਹੁੰਦੀ ਹੈ।

“ਦੁਸ਼ਟਤਾ” ਧਾਰਮਿਕਤਾ ਦੇ ਉਲਟ ਹੈ। ਪਰਮੇਸ਼ਰ ਦੇ ਵਿਰੁੱਧ ਪਾਪ ਦੇ ਨਤੀਜੇ ਉਹ ਕੰਮ ਹਨ ਜੋ ਪਰਮੇਸ਼ਰ ਦੇ ਅਨੁਸਾਰ ਸਹੀ ਨਹੀਂ ਹਨ। 

ਧਿਆਨ ਦਿਓ ਕਿ ਪਰਮੇਸ਼ਰ ਦਾ ਕ੍ਰੋਧ “ਸਾਰੇ” ਪਾਪ ਉੱਤੇ ਹੈ; ਕੋਈ ਵੀ ਛੋਟ ਨਹੀਂ ਹੈ। ਪਰਮੇਸ਼ਰ ਆਪਣੇ ਸੁਭਾਅ ਦੀ ਕਿਸੇ ਵੀ ਉਲੰਘਣਾ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹਨ। 

ਜਿਹਨਾਂ ਨੇ ਸੱਚਾਈ ਨੂੰ ਪ੍ਰਗਟ ਹੋਣ ਤੋਂ ਰੋਕ ਕੇ ਰੱਖਿਆ ਹੈ

ਸ਼ਬਦ “ਰੋਕ ਕੇ ਰੱਖਣਾ” ਦੋ ਸ਼ਬਦ ਤੋਂ ਬਣਿਆ ਹੈ: ਫੜਨਾ ਅਤੇ ਹੇਠਾਂ ਰੱਖਣਾ। ਸੱਚਾਈ ਲੋਕਾਂ ਦੇ ਕੋਲ ਆਉਂਦੀ ਹੈ, ਪਿਆਰ ਉਹ ਇਸ ਨੂੰ ਆਪਣੇ ਜੀਵਨਾਂ ਉੱਤੇ ਅਸਰ ਪਾਉਣ ਤੋਂ ਰੋਕਦੇ ਹਨ। ਉਹ ਪਰਮੇਸ਼ਰ ਦੇ ਪ੍ਰਕਾਸ਼ਨ ਨਾਲ ਕੁਝ ਕਰਨਾ ਨਹੀਂ ਚਾਹੁੰਦੇ ਹਨ; ਉਹ ਸੱਚਾਈ ਦੇ ਲਈ ਨਕਾਰਾਤਮਕ ਰੁਝਾਨ ਰੱਖਦੇ ਹਨ। 

ਇੱਥੇ “ਸੱਚਾਈ” ਸ੍ਰਿਸ਼ਟੀ ਵਿੱਚ ਦਿੱਤੀ ਗਈ ਆਮ ਸੱਚਾਈ ਹੈ। ਇਹ ਮਸੀਹ ਅਤੇ ਉਹਨਾਂ ਦੇ ਕੰਮ ਦੇ ਬਚਾਉਣ ਵਾਲੇ ਗਿਆਨ ਦੀ ਗੱਲ ਨਹੀਂ ਹੈ। ਪਰ ਪਰਮੇਸ਼ਰ ਨੇ ਆਪਣੇ ਬਾਰੇ ਇੰਨਾ ਜ਼ਰੂਰ ਪ੍ਰਗਟ ਕੀਤਾ ਹੈ ਕਿ ਜਿਹੜੇ ਲੋਕਾਂ ਨੇ ਸੱਚਾਈ ਨੂੰ ਜਾਣ ਕੇ ਇਸ ਪ੍ਰਤੀ ਨਕਾਰਾਤਮਕ ਰੁਝਾਨ ਰੱਖਿਆ ਉਹ ਦੋਸ਼ੀ ਠਹਿਰਣ।

ਆਪਣੀ ਦੁਸ਼ਟਤਾ ਦੇ ਨਾਲ

ਇਸ ਆਇਤ ਵਿੱਚ ਸ਼ਬਦ “ਦੁਸ਼ਟਤਾ” ਦੋ ਵਾਰ ਵਰਤਿਆ ਗਿਆ ਹੈ, ਤਾਂ ਜੋ ਰੋਮੀਆਂ ਦੇ ਮੁੱਖ ਸ਼ਬਦਾਂ—“ਧਰਮ,” “ਧਰਮੀ,” “ਧਾਰਮਿਕਤਾ,” “ਧਰਮੀ ਠਹਿਰਾਉਣਾ,” ਅਤੇ “ਦੁਸ਼ਟਤਾ” ਉੱਤੇ ਵੱਧ ਜ਼ੋਰ ਦਿੱਤਾ ਜਾਵੇ। ਇੱਥੇ “ਦੁਸ਼ਟਤਾ” ਆਇਤ 17 ਦੀ “ਪਰਮੇਸ਼ਰ ਦੀ ਧਾਰਮਿਕਤਾ” ਦੇ ਵਿਰੁੱਧ ਰੱਖੀ ਗਈ ਹੈ। ਲੋਕ ਪਰਮੇਸ਼ਰ ਨਾਲ ਸਹੀ ਸੰਬੰਧ ਵਿੱਚ ਨਹੀਂ ਹਨ। ਉਹ ਪ੍ਰਕਾਸ਼ਨ ਨੂੰ ਇਸ ਲਈ ਰੱਦ ਕਰਦੇ ਹਨ ਕਿਉਂਕਿ ਉਹ ਪਰਮੇਸ਼ਰ ਨਾਲ ਸਹੀ ਨਹੀਂ ਹੋਣਾ ਚਾਹੁੰਦੇ ਹਨ। ਉਹ ਪਰਮੇਸ਼ਰ ਦੇ ਰਾਹ ਨੂੰ ਨਹੀਂ, ਪਰ ਆਪਣੇ ਹੀ ਰਾਹ ਨੂੰ ਪਹਿਲ ਦਿੰਦੇ ਹਨ।

ਸਿਧਾਂਤ: 

ਪਰਮੇਸ਼ਰ ਦਾ ਕ੍ਰੋਧ ਉਹਨਾਂ ਉੱਤੇ ਹੈ ਜੋ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ। 

ਲਾਗੂ ਕਰਨਾ: 

ਪਰਮੇਸ਼ਰ ਦੇ ਕ੍ਰੋਧ ਦੇ ਮਨੁੱਖ ਉੱਤੇ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਪ੍ਰਕਾਸ਼ਨ ਨੂੰ ਰੱਦ ਕਰਦਾ ਹੈ। ਮੁੱਖ ਸਿਧਾਂਤ ਇਹ ਹੈ ਕਿ ਪਰਮੇਸ਼ਰ ਚਾਹੁੰਦੇ ਹਨ ਕਿ ਮਨੁੱਖ ਉਹਨਾਂ ਨੂੰ ਜਾਣੇ। ਪਰਮੇਸ਼ਰ ਦੀ ਇਸ ਇੱਛਾ ਨੂੰ ਰੱਦ ਕਰਨਾ ਉਹਨਾਂ ਦੇ ਕ੍ਰੋਧ ਨੂੰ ਲਿਆਉਂਦਾ ਹੈ। 

ਪਰਮੇਸ਼ਰ ਦਾ ਕ੍ਰੋਧ ਉਹਨਾਂ ਦੀ ਭਲਿਆਈ ਦਾ ਵਿਰੋਧ ਨਹੀਂ ਕਰਦਾ ਹੈ, ਪਰ ਇਹ ਇਸ ਦਾ ਨਤੀਜਾ ਹੈ। ਜੇਕਰ ਪਰਮੇਸ਼ਰ ਪਾਪ ਉੱਤੇ ਗੁੱਸਾ ਨਾ ਹੋਣ ਤਾਂ ਉਹ ਧਰਮੀ ਨਹੀਂ ਹੋਣਗੇ। ਪਰਮੇਸ਼ਰ ਦੇ ਲਈ ਸਾਨੂੰ ਪ੍ਰਭੂ ਯਿਸੂ ਦੇ ਸਲੀਬ ਉੱਤੇ ਕੀਤੇ ਉਸ ਕੰਮ ਤੋਂ ਬਿਨਾਂ ਪਿਆਰ ਕਰਨਾ ਅਸੰਭਵ ਹੈ ਜਿਸ ਨੇ ਸਾਡੇ ਪਾਪਾਂ ਦੀ ਕੀਮਤ ਅਦਾ ਕੀਤੀ ਹੈ। ਇਸ ਰਾਹੀਂ ਪਰਮੇਸ਼ਰ ਆਪਣੀ ਧਾਰਮਿਕਤਾ ਨੂੰ ਕਾਇਮ ਰੱਖਦੇ ਹਨ। ਪਰਮੇਸ਼ਰ ਸਾਨੂੰ ਕਦੇ ਵੀ ਨਿਆਂ ਤੋਂ ਬਿਨਾਂ ਪਿਆਰ ਨਹੀਂ ਦਿੰਦੇ ਹਨ। ਉਹਨਾਂ ਦਾ ਨਿਆਂ ਸਲੀਬ ਉੱਤੇ ਪੂਰਾ ਹੋਇਆ ਹੈ। ਸ਼ੁਭ-ਸਮਾਚਾਰ ਪਿਆਰ ਤੋਂ ਵੱਧ ਕੇ ਹੈ। 

ਇਹ ਆਇਤ ਇਸ ਸਵਾਲ ਦਾ ਜਵਾਬ ਦਿੰਦੀ ਹੈ: “ਜਿਹੜੇ ਲੋਕਾਂ ਨੇ ਸ਼ੁਭ-ਸਮਾਚਾਰ ਨੂੰ ਕਦੇ ਵੀ ਨਹੀਂ ਸੁਣਿਆ ਹੈ, ਉਹ ਨਾਸ਼ ਕਿਉਂ ਹੁੰਦੇ ਹਨ?” ਹਰੇਕ ਮਨੁੱਖ ਜਿਸ ਨੇ ਇਸ ਧਰਤੀ ਉੱਤੇ ਜਨਮ ਲਿਆ ਹੈ, ਉਸ ਨੇ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਪ੍ਰਾਪਤ ਕੀਤਾ ਹੈ (ਭਾਵੇਂ ਇਹ ਸਿਰਫ਼ ਸ੍ਰਿਸ਼ਟੀ ਵਿੱਚ ਪਰਮੇਸ਼ਰ ਦੇ ਬਾਰੇ ਆਮ ਸੱਚਾਈ ਹੀ ਕਿਉਂ ਨਾ ਹੋਵੇ)। ਜੇਕਰ ਲੋਕ ਉਸ ਸੱਚਾਈ ਵਿੱਚ ਪਰਮੇਸ਼ਰ ਵੱਲ ਸਕਾਰਾਤਮਕ ਰੁਝਾਨ ਰੱਖਦੇ ਹਨ ਜਿਸ ਨੂੰ ਉਹ ਜਾਣਦੇ ਹਨ, ਤਾਂ ਉਹਨਾਂ ਤੱਕ ਸ਼ੁਭ-ਸਮਾਚਾਰ ਨੂੰ ਖ਼ਾਸ ਤੌਰ ਤੇ ਪਹੁੰਚਾਉਣਾ ਪਰਮੇਸ਼ਰ ਦੀ ਜ਼ਿੰਮੇਵਾਰੀ ਹੈ। 

Share