1 ਪੌਲੁਸ ਦੇ ਵੱਲੋਂ ਜਿਹੜਾ ਮਸੀਹ ਯਿਸੂ ਦਾ ਸੇਵਕ ਅਤੇ ਪਰਮੇਸ਼ਰ ਦੇ ਦੁਆਰਾ ਉਹਨਾਂ ਦਾ ਰਸੂਲ ਹੋਣ ਦੇ ਲਈ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ
ਰਸੂਲ ਹੋਣ ਦੇ ਲਈ ਚੁਣਿਆ
ਪੌਲੁਸ ਆਪਣੇ ਬਾਰੇ ਦੂਜੀ ਵਿਆਖਿਆ ਇੱਕ ਰਸੂਲ ਦੇ ਰੂਪ ਵਿੱਚ ਕਰਦਾ ਹੈ। ਪੌਲੁਸ ਇੱਕ “ਚੁਣਿਆ ਹੋਇਆ ਰਸੂਲ”ਸੀ। ਸ਼ਬਦ “ਹੋਣ ਦੇ ਲਈ” ਉੱਤੇ ਧਿਆਨ ਦਿਓ, ਇਹ ਯੂਨਾਨੀ ਵਚਨ ਵਿੱਚ ਮੌਜੂਦ ਨਹੀਂ ਹਨ। ਪਰਮੇਸ਼ਰ ਨੇ ਪੌਲੁਸ ਨੂੰ ਇੱਕ ਅਹੁਦੇ ਦੇ ਲਈ ਚੁਣਿਆ ਸੀ। ਪੌਲੁਸ ਨੇ ਆਪਣੇ ਮਨ ਨਾਲ ਇਹ ਫ਼ੈਸਲਾ ਨਹੀਂ ਕੀਤਾ ਕਿ ਉਹ ਰਸੂਲ ਬਣੇਗਾ, ਪਰ ਪਰਮੇਸ਼ਰ ਨੇ ਉਸ ਨੂੰ ਇਸ ਅਹੁਦੇ ਦੇ ਲਈ ਚੁਣਿਆ ਸੀ। ਇਹ ਪੌਲੁਸ ਦੀ ਆਪਣੀ ਮਰਜ਼ੀ ਨਹੀਂ ਸੀ—ਪਰ ਪਰਮੇਸ਼ਰ ਨੇ ਇਸ ਸੱਦੇ ਦੀ ਪਹਿਲ ਕੀਤੀ ਸੀ। ਪਰਮੇਸ਼ਰ ਨੇ ਖ਼ੁਦ ਪੌਲੁਸ ਨੂੰ ਇੱਕ ਰਸੂਲ ਦੇ ਰੂਪ ਵਿੱਚ ਨਿਯੁਕਤ ਕੀਤਾ ਸੀ; ਪੌਲੁਸ ਪਰਮੇਸ਼ਰ ਦੀ ਬੁਲਾਹਟ ਦੇ ਅਨੁਸਾਰ ਇੱਕ ਰਸੂਲ ਸੀ। ਕਲੀਸਿਯਾ ਨੇ ਵੀ ਉਸ ਨੂੰ ਇੱਕ ਰਸੂਲ ਹੋਣ ਦੇ ਲਈ ਨਹੀਂ ਚੁਣਿਆ ਸੀ।
ਪੌਲੁਸ ਨੇ ਖਾਲੀ ਕਾਰਤੂਸ ਨਹੀਂ ਚਲਾਏ ਸਨ (ਭਾਵ, ਉਸ ਦੀ ਲਿਖਤ ਬੇਅਸਰ ਨਹੀਂ ਸੀ)। ਉਸ ਨੇ ਜੋ ਕੁਝ ਵੀ ਲਿਖਿਆ ਸੀ, ਉਸ ਰਾਹੀਂ ਉਸ ਨੇ ਪਰਮੇਸ਼ਰ ਨੂੰ ਪੇਸ਼ ਕੀਤਾ ਸੀ। ਉਹ ਇੱਕ ਚੁਣਿਆ ਹੋਇਆ ਰਸੂਲ ਸੀ। ਯੂਨਾਨੀ ਭਾਸ਼ਾ ਖ਼ਾਸ ਤੌਰ ਤੇ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਪੌਲੁਸ ਦੇ ਜੀਵਨ ਵਿੱਚ ਪਰਮੇਸ਼ਰ ਦੀ ਦਖ਼ਲਅੰਦਾਜ਼ੀ ਕਿਵੇਂ ਹੋਈ ਸੀ।
ਰਸੂਲ ਦਾ ਦਰਜਾ ਪਰਮੇਸ਼ਰ ਦੀ ਯੋਜਨਾ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਰਦਾਨ ਸੀ। ਇੱਕ ਰਸੂਲ ਕੋਲ ਪਵਿੱਤਰ-ਗ੍ਰੰਥ ਨੂੰ ਲਿਖਣ ਦਾ, ਚਮਤਕਾਰ ਕਰਨ ਦਾ, ਅਤੇ ਕਲੀਸਿਯਾ ਦੀ ਸਥਾਪਨਾ ਕਰਨ ਦਾ ਅਧਿਕਾਰ ਹੁੰਦਾ ਸੀ। ਇਹ ਭੂਮਿਕਾ ਵੱਡੇ ਅਧਿਕਾਰ ਨਾਲ ਜੁੜੀ ਹੋਈ ਸੀ, ਅਤੇ ਇਹ ਪੌਲੁਸ ਦੇ ਰਸੂਲ ਹੋਣ ਦੇ ਰੂਪ ਵਿੱਚ ਇੱਕ ਖ਼ਾਸ ਸੇਵਾ ਲਈ ਚੁਣੇ ਜਾਣ ਦੀ ਗੱਲ ਕਰਦੀ ਹੈ। ਪਰਮੇਸ਼ਰ ਨੇ ਉਸ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਇੱਕ ਖ਼ਾਸ ਅਹੁਦੇ ਉੱਤੇ ਰੱਖਿਆ ਸੀ।
ਰਸੂਲ ਹੋਣ ਦਾ ਵਰਦਾਨ ਪਵਿੱਤਰ-ਗ੍ਰੰਥ ਦੇ ਲਿਖੇ ਜਾਣ ਨਾਲ ਹੀ ਬੰਦ ਹੋ ਗਿਆ ਸੀ (ਜਦੋਂ ਬਾਈਬਲ ਦਾ ਕੈਨਨ ਬੰਦ ਹੋ ਗਿਆ ਸੀ)। ਇਹ ਕਲੀਸਿਯਾ ਨੂੰ ਇੱਕ ਸਮੇਂ ਦੇ ਲਈ ਦਿੱਤਾ ਹੋਇਆ ਅਸਥਾਈ ਵਰਦਾਨ ਸੀ। ਪਵਿੱਤਰ-ਗ੍ਰੰਥ ਨੂੰ ਲਿਖਣ ਦਾ ਅਧਿਕਾਰ ਹੋਣ ਦੇ ਲਈ, ਰਸੂਲਾਂ ਦੇ ਕਰਤੱਬ ਦੀ ਪੁਸਤਕ ਰਸੂਲ ਦੇ ਅਹੁਦੇ ਦੇ ਲਈ ਤਿੰਨ ਯੋਗਤਾਵਾਂ ਨੂੰ ਦਰਸਾਉਂਦੀ ਹੈ:
-
- ਉਹ ਪ੍ਰਭੂ ਯਿਸੂ ਦੀ ਧਰਤੀ ਉੱਤੇ ਸੇਵਕਾਈ ਦੇ ਸਮੇਂ ਉਹਨਾਂ ਦਾ ਨਿੱਜੀ ਚੇਲਾ ਰਿਹਾ ਹੋਵੇ।
- ਉਹ ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀਅ-ਉੱਠਣ ਦਾ ਗਵਾਹ ਰਿਹਾ ਹੋਵੇ।
- ਉਸ ਨੂੰ ਖ਼ੁਦ ਪ੍ਰਭੂ ਯਿਸੂ ਨੇ ਨਿੱਜੀ ਤੌਰ ਤੇ ਚੁਣਿਆ ਹੋਵੇ।
ਰਸੂਲਾਂ ਦੀ ਮੌਤ ਤੋਂ ਬਾਅਦ ਹੀ ਬਾਈਬਲ ਨੂੰ ਲਿਖਣ ਦਾ ਕੈਨਨ ਬੰਦ ਹੋ ਗਿਆ ਸੀ। ਪਹਿਲੀ ਸਦੀ ਤੋਂ ਬਾਅਦ ਪਰਮੇਸ਼ਰ ਨੇ ਕੋਈ ਹੋਰ ਵਚਨ ਨਹੀਂ ਦਿੱਤਾ ਸੀ ਜਿਸ ਨੂੰ ਬਾਈਬਲ ਵਿਚ ਦਰਜ ਕੀਤਾ ਜਾਵੇ। ਹੋਰ ਰਸੂਲਾਂ ਨੇ ਪੌਲੁਸ ਨੂੰ ਰਸੂਲ ਮੰਨਿਆ ਅਤੇ ਉਸ ਦੀਆਂ ਲਿਖਤਾਂ ਨੂੰ ਪਵਿੱਤਰ-ਗ੍ਰੰਥ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ (2 ਪਤਰਸ 3:15)। ਪੌਲੁਸ ਨੇ ਦਮਿਸ਼ਕ ਦੇ ਰਾਹ ਉੱਤੇ ਜੀਅ-ਉੱਠੇ ਪ੍ਰਭੂ ਯਿਸੂ ਨੂੰ ਦੇਖਿਆ ਸੀ।
ਸ਼ਬਦ “ਰਸੂਲ” ਦੇ ਦੋ ਅਰਥ ਹਨ – ਇੱਕ ਖ਼ਾਸ ਅਤੇ ਇੱਕ ਆਮ। ਨਵੇਂ ਨੇਮ ਵਿੱਚ ਇਹ ਸ਼ਬਦ 79 ਵਾਰ ਵਰਤਿਆ ਗਿਆ ਹੈ। ਇਸ ਦੀ ਮੁੱਖ ਵਰਤੋਂ ਖ਼ਾਸ ਅਰਥ ਵਿੱਚ ਹੋਈ ਹੈ। ਇਸ ਦਾ ਅਰਥ ਇਹ ਹੈ ਕਿ ਇੱਕ ਵਿਅਕਤੀ ਪਰਮੇਸ਼ਰ ਤੋਂ ਸਿੱਧਾ ਪ੍ਰਕਾਸ਼ਨ ਪ੍ਰਾਪਤ ਕਰਨ, ਪਵਿੱਤਰ-ਗ੍ਰੰਥ ਨੂੰ ਲਿਖਣ, ਜਾਂ ਕਲੀਸਿਯਾ ਦੀ ਸਥਾਪਨਾ ਕਰਨ ਦਾ ਅਧਿਕਾਰ ਰੱਖਦਾ ਹੈ। ਉਸ ਕੋਲ ਇਹ ਵੀ ਅਧਿਕਾਰ ਸੀ ਕਿ ਉਹ ਚਰਮਤਕਾਰ ਕਰਕੇ ਆਪਣੇ ਰਸੂਲ ਹੋਣ ਨੂੰ ਸਾਬਤ ਕਰੇ। ਪਰ ਆਮ ਅਰਥ ਵਿੱਚ ਇਹ ਸ਼ਬਦ ਸਾਰੇ ਵਿਸ਼ਵਾਸੀਆਂ ਲਈ ਵੀ ਵਰਤਿਆ ਜਾ ਸਕਦਾ ਹੈ ਜੋ ਮਸੀਹ ਦੇ ਗਵਾਹ ਹਨ (ਰੋਮੀਆਂ 16:7; ਰਸੂਲਾਂ ਦੇ ਕਰਤੱਬ 14:14)।
ਰਸੂਲ ਦਾ ਮੂਲ ਅਰਥ ਉਹ ਨੁਮਾਇੰਦਾ ਹੋਣਾ ਸੀ, ਜਿਸ ਨੂੰ ਇੱਕ ਰਾਜੇ ਦੇ ਵੱਲੋਂ ਇੱਕ ਖ਼ਾਸ ਕੰਮ ਦੇ ਲਈ ਭੇਜਿਆ ਜਾਂਦਾ ਸੀ। ਅੱਜ ਅਸੀਂ ਇਸ ਨੂੰ ਸ਼ਬਦ “ਰਾਜਦੂਤ”ਦੇ ਰੂਪ ਵਿੱਚ ਜਾਣਦੇ ਹਾਂ। ਪੌਲੁਸ ਰਾਜਿਆਂ ਦੇ ਰਾਜੇ ਦਾ ਅਧਿਕਾਰਿਕ ਰਾਜਦੂਤ ਸੀ।
ਗਲਾਤੀਆਂ 1:1 ਪੌਲੁਸ, ਜਿਹੜਾ ਨਾ ਆਦਮੀਆਂ ਦੇ ਰਾਹੀਂ ਅਤੇ ਨਾ ਹੀ ਮਨੁੱਖਾਂ ਦੇ ਵੱਲੋਂ ਪਰਮੇਸ਼ਰ ਦਾ ਰਸੂਲ ਠਹਿਰਾਇਆ ਗਿਆ ਸਗੋਂ ਯਿਸੂ ਮਸੀਹ ਅਤੇ ਪਿਤਾ ਪਰਮੇਸ਼ਰ ਦੇ ਰਾਹੀਂ ਜਿਹਨਾਂ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ।
ਸਿਧਾਂਤ:
ਜੋ ਕੋਈ ਵੀ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ, ਉਹ ਉਹਨਾਂ ਦਾ ਰਾਜਦੂਤ ਹੈ।
ਲਾਗੂ ਕਰਨਾ:
ਸਾਨੂੰ ਆਪਣੇ ਆਪ ਨੂੰ ਰਾਜਿਆਂ ਦੇ ਰਾਜੇ ਦੇ ਰਾਜਦੂਤ ਸਮਝਣਾ ਚਾਹੀਦਾ ਹੈ। ਸਾਨੂੰ ਉਹਨਾਂ ਦੇ ਸੰਦੇਸ਼ (ਸ਼ੁਭ-ਸਮਾਚਾਰ) ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਹੈ। ਪਰਮੇਸ਼ਰ ਨੇ ਸਾਨੂੰ ਇਸ ਕੰਮ ਦੇ ਲਈ ਬੁਲਾਇਆ ਹੈ। ਸਾਨੂੰ ਇਹ ਕੰਮ ਕਰਨ ਦੇ ਲਈ ਪਰਮੇਸ਼ਰ ਵੱਲੋਂ ਅਧਿਕਾਰ ਦਿੱਤਾ ਗਿਆ ਹੈ।
1 ਕੁਰਿੰਥੀਆਂ 9:16 — “ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਹਾਂ, ਇਹ ਕੋਈ ਮੇਰੇ ਲਈ ਹੰਕਾਰ ਵਾਲੀ ਗੱਲ ਨਹੀਂ ਹੈ, ਇਹ ਤਾਂ ਮੇਰੇ ਲਈ ਅਤਿ ਜ਼ਰੂਰੀ ਹੈ। ਜੇਕਰ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਨਾ ਕਰਾਂ ਤਾਂ ਮੇਰੇ ਉੱਤੇ ਹਾਏ!”
ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਨਵੇਂ ਪ੍ਰਕਾਸ਼ਨ ਦਾ ਦਾਅਵਾ ਕਰਨਾ ਇੱਕ ਝੂਠੀ ਸਿੱਖਿਆ ਹੈ। ਉਦਾਹਰਣ ਦੇ ਲਈ, ਜੋਸਫ਼ ਸਮਿਥ ਨੇ ਦਾਅਵਾ ਕੀਤਾ ਕਿ ਉਸ ਕੋਲ ਨਵੇਂ ਨੇਮ ਤੋਂ ਇਲਾਵਾ ਇੱਕ ਨਵੇਂ ਪਵਿੱਤਰ-ਗ੍ਰੰਥ ਨੂੰ ਲਿਖਣ ਦਾ ਪ੍ਰਕਾਸ਼ਨ ਹੈ। ਇਸ ਦਾਅਵੇ ਵਿੱਚੋਂ ਮੋਰਮਨ ਨਾਮ ਦੀ ਝੂਠੀ ਸਿੱਖਿਆ ਆਈ ਹੈ।
